ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਕੌਮਾਂਤਰੀ ਜੇਤੂ ਪਹਿਲਵਾਨ ਕੁੜੀਆਂ ਦੇ ਜਿਣਸੀ ਸ਼ੋਸ਼ਣ ਦੇ ਨਾਮਜ਼ਦ ਦੋਸ਼ੀ ਭਾਜਪਾ ਐਮ ਪੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਸਾਰੇ ਅਹੁਦਿਆਂ ਤੋਂ ਬਰਖਾਸਤ ਕਰਕੇ ਤੁਰੰਤ ਗ੍ਰਿਫ਼ਤਾਰ ਕਰਵਾਉਣ ਦੀ ਮੁੱਖ ਮੰਗ ਸਮੇਤ ਹੋਰ ਮੰਗਾਂ ਨੂੰ ਲੈ ਕੇ ਉਸਨੂੰ ਬਚਾਉਣ 'ਤੇ ਤੁਲੀ ਹੋਈ ਮੋਦੀ ਸਰਕਾਰ ਵਿਰੁੱਧ ਅੱਜ ਦੂਜੇ ਦਿਨ 10 ਜ਼ਿਲ੍ਹਿਆਂ ਵਿਚ ਭਾਰੀ ਰੋਸ ਪ੍ਰਦਰਸ਼ਨ ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ।
ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਮੋਗਾ, ਬਠਿੰਡਾ, ਪਟਿਆਲਾ, ਬਰਨਾਲਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਗੁਰਦਾਸਪੁਰ ਡੀ ਸੀ ਦਫ਼ਤਰਾਂ ਅੱਗੇ ਅਤੇ ਜਲੰਧਰ ਵਿੱਚ ਨਕੋਦਰ ਐੱਸ ਡੀ ਐੱਮ ਦਫ਼ਤਰ ਅੱਗੇ ਕੁੱਲ ਮਿਲਾ ਕੇ ਦਹਿ-ਸੈਂਕੜਿਆਂ ਦੀ ਤਾਦਾਦ ਵਿਚ ਔਰਤਾਂ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਅਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਕਾਮਿਆਂ ਨੇ ਸਾਂਝੇ ਰੋਸ ਪ੍ਰਦਰਸ਼ਨ ਕੀਤੇ। ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਡੀ ਟੀ ਐੱਫ ਸਮੇਤ ਕੁੱਝ ਜਥੇਬੰਦੀਆਂ ਨੇ ਹਮਾਇਤੀ ਸ਼ਮੂਲੀਅਤ ਵੀ ਕੀਤੀ। ਉਕਤ ਸ਼ਹਿਰਾਂ ਵਿੱਚ ਅਰਥੀ ਸਾੜ ਮੁਜ਼ਾਹਰਿਆਂ ਉਪਰੰਤ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਦੇ ਨਾਂ ਡੀ ਸੀ/ਐੱਸ ਡੀ ਐਮ ਦਫ਼ਤਰਾਂ ਦੇ ਹਾਜ਼ਰ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ ਗਏ ਜਿਨ੍ਹਾਂ ਰਾਹੀਂ ਐੱਫ ਆਈ ਆਰ ਵਿੱਚ ਨਾਮਜ਼ਦ ਬ੍ਰਿਜ ਭੂਸ਼ਨ ਦੀ ਸਾਰੇ ਅਹੁਦਿਆਂ ਤੋਂ ਬਰਖਾਸਤਗੀ ਅਤੇ ਤੁਰੰਤ ਗ੍ਰਿਫ਼ਤਾਰੀ ਤੋਂ ਇਲਾਵਾ ਜੰਤਰ ਮੰਤਰ ਵਿਖੇ ਸ਼ਾਂਤਮਈ ਧਰਨਾ ਦੇ ਰਹੀਆਂ ਖਿਡਾਰਨਾਂ ਦੀ ਘੇਰਾਬੰਦੀ ਤੁਰੰਤ ਖਤਮ ਕਰਨ ਅਤੇ ਜਾਬਰ ਪੁਲਸੀ ਹੱਲੇ ਰਾਹੀਂ ਜ਼ਖਮੀ ਕੀਤੇ ਕੁੜੀਆਂ ਮੁੰਡਿਆਂ ਦੇ ਮੁਫ਼ਤ ਸਰਕਾਰੀ ਇਲਾਜ ਅਤੇ ਢੁੱਕਵਾਂ ਮੁਆਵਜ਼ਾ ਦੇਣ ਦੀਆਂ ਮੰਗਾਂ ਉੱਤੇ ਜ਼ੋਰ ਦਿੱਤਾ ਗਿਆ।
ਮੋਦੀ ਸਰਕਾਰ ਅਤੇ ਬ੍ਰਿਜ ਭੂਸ਼ਨ ਮੁਰਦਾਬਾਦ ਦੇ ਆਕਾਸ਼ ਗੁੰਜਾਊ ਨਾਹਰੇ ਮਾਰਦੇ ਭਾਰੀ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ ਅਤੇ ਸੁਖਦੇਵ ਸਿੰਘ ਕੋਕਰੀ ਕਲਾਂ ਸੂਬਾ ਆਗੂਆਂ ਤੋਂ ਇਲਾਵਾ ਮੁੱਖ ਔਰਤ ਆਗੂ ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿੱਥੋ, ਕੁਲਦੀਪ ਕੌਰ ਕੁੱਸਾ, ਸੁਖਦੀਪ ਕੌਰ ਬੁੱਕਣਵਾਲਾ, ਕਮਲਦੀਪ ਕੌਰ ਬਰਨਾਲਾ, ਬਿੰਦਰਪਾਲ ਕੌਰ ਭਦੌੜ, ਮਹਿੰਦਰ ਕੌਰ ਖਾਰਾ, ਦਵਿੰਦਰ ਕੌਰ ਗੁਰਦਾਸਪੁਰ, ਪ੍ਰੋ: ਮਨਮੀਤ ਕੌਰ, ਮਨਦੀਪ ਕੌਰ ਬਾਰਨ, ਰਮਨਦੀਪ ਕੌਰ ਫਾਜ਼ਿਲਕਾ, ਨਵਜੋਤ ਕੌਰ ਘੁਮਿਆਰਾ ਸ਼ਾਮਲ ਸਨ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਠੇਕਾ ਮੁਲਾਜ਼ਮ ਮੋਰਚੇ ਦੇ ਆਗੂ ਸੰਦੀਪ ਖਾਂ ਅਤੇ ਬਾਦਲ ਸਿੰਘ ਕੋਟੜਾ ਨੇ ਵੀ ਸੰਬੋਧਨ ਕੀਤਾ ਅਤੇ ਹੋਰ ਬੁਲਾਰਿਆਂ ਵਿੱਚ ਜ਼ਿਲ੍ਹਾ ਪੱਧਰੇ ਕਿਸਾਨ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਦਾ ਇਖਲਾਕੀ ਤੌਰ 'ਤੇ ਨਿੱਘਰੇ ਦੋਸ਼ੀ ਬ੍ਰਿਜ ਭੂਸ਼ਨ ਦੇ ਬਚਾਅ ਦਾ ਪੈਂਤੜਾ ਸਰਾਸਰ ਸ਼ਰਮਨਾਕ ਹੈ। ਸਰਕਾਰੀ ਹੁਕਮਾਂ ਤਹਿਤ ਹੀ ਪੁਲਿਸ ਨੇ ਸ਼ਾਂਤਮਈ ਰੋਸ ਦਾ ਜਮਹੂਰੀ ਹੱਕ ਕੁਚਲਣ ਲਈ ਪਹਿਲਵਾਨ ਖਿਡਾਰਨਾਂ 'ਤੇ ਰਾਤ ਸਮੇਂ ਜਾਬਰ ਹੱਲਾ ਕਰਨ ਮਗਰੋਂ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਦੇ ਆਲੇ-ਦੁਆਲੇ ਬੈਰੀਕੇਡ ਲਗਾ ਦਿੱਤੇ ਹਨ ਅਤੇ ਕਿਸੇ ਆਮ ਵਿਅਕਤੀ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਜਥੇਬੰਦੀਆਂ ਦੇ ਕਾਰਕੁਨਾਂ ਨੂੰ ਭਿੜ ਕੇ ਧਰਨੇ ਵਾਲੀ ਥਾਂ ਤੇ ਜਾਣਾ ਪੈਂਦਾ ਹੈ। ਪੁਲੀਸ ਦਿੱਲੀ ਦੀਆਂ ਹੱਦਾਂ 'ਤੇ ਵਾਹਨਾਂ ਦੀ ਚੈਕਿੰਗ ਕਰਕੇ ਜੰਤਰ ਮੰਤਰ ਜਾਣ ਤੋਂ ਰੋਕਣ ਲਈ ਪੂਰੀ ਵਾਹ ਲਾ ਰਹੀ ਹੈ। ਬੁਲਾਰਿਆਂ ਨੇ ਬੰਗਲਾ ਸਾਹਿਬ ਦਿੱਲੀ ਦੇ ਪ੍ਰਬੰਧਕਾਂ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਨ੍ਹਾਂ ਨੇ 6 ਮਈ ਵਾਲੇ ਦਿਨ ਜਥੇਬੰਦੀ ਦੇ ਔਰਤ ਕਾਫਲੇ ਨੂੰ ਰਾਤ ਸਮੇਂ ਠਹਿਰਨ ਲਈ ਜਗ੍ਹਾ ਦੇਣ ਤੋਂ ਨਾਂਹ ਕਰ ਦਿੱਤੀ ਸੀ, ਜਿਸ ਕਾਰਨ ਕਾਫ਼ਲੇ ਨੂੰ ਜੀਂਦ ਗੁਰਦੁਆਰਾ ਸਾਹਿਬ ਵਿਖੇ ਰਹਿਣਾ ਪਿਆ ਸੀ।
ਕਿਸਾਨ ਆਗੂ ਨੇ ਦੱਸਿਆ ਕਿ ਭਲਕੇ ਮਲੇਰਕੋਟਲਾ, ਲੁਧਿਆਣਾ, ਮੁਕਤਸਰ ਅਤੇ ਹੁਸ਼ਿਆਰਪੁਰ 4 ਜ਼ਿਲ੍ਹਿਆਂ ਦੇ ਡੀ ਸੀ ਦਫ਼ਤਰਾਂ ਅੱਗੇ ਇਸੇ ਤਰ੍ਹਾਂ ਅਰਥੀ ਫੂਕ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਸੰਘਰਸ਼ਸ਼ੀਲ ਪਹਿਲਵਾਨਾਂ ਵੱਲੋਂ ਸਰਕਾਰ ਨੂੰ 21 ਮਈ ਤੱਕ ਦਿੱਤੇ ਅਲਟੀਮੇਟਮ ਦੀ ਸਮਾਪਤੀ ਮਗਰੋਂ ਉਲੀਕੇ ਜਾਣ ਵਾਲੇ ਤਿੱਖੇ ਸੰਘਰਸ਼ ਵਿੱਚ ਵੀ ਜਥੇਬੰਦੀ ਵਧ ਚੜ੍ਹ ਕੇ ਸ਼ਾਮਲ ਹੋਵੇਗੀ।